ਮੰਡੀਆਂ ਵਿੱਚ ਝੋਨੇ ਦੇ ਅੰਬਾਰ, ਕਿਸਾਨਾਂ ਨੂੰ ਰੱਬ ਆਸਰੇ ਛੱਡ ਕੇ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ ਭਗਵੰਤ ਮਾਨ ਸਰਕਾਰ : ਬੀਬੀ ਅਮਨਜੋਤ ਕੌਰ ਰਾਮੂਵਾਲੀਆ

ਭਾਰਤੀ ਜਨਤਾ ਪਾਰਟੀ ਦੀ ਨੈਸ਼ਨਲ ਕਾਰਜਕਾਰੀ ਕਮੇਟੀ ਦੀ ਮੈਂਬਰ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਨੇ ਪੰਜਾਬ ਦੀਆਂ ਅਨਾਜ ਮੰਡੀਆਂ ਵਿੱਚ ਝੋਨੇ ਦੀ ਚੁਕਾਈ ਵਿੱਚ ਹੋ ਰਹੀ ਦੇਰੀ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਤਿੱਖਾ ਨਿਸ਼ਾਨਾ ਸਾਧਦਿਆਂ ਕਿਹਾ ਕਿ ਭਗਵੰਤ ਮਾਨ ਸਰਕਾਰ ਸਿਰਫ਼ ਚੁਟਕਲਿਆਂ ਅਤੇ ਫੋਕੀ ਬਿਆਨਬਾਜ਼ੀ ਤੱਕ ਹੀ ਸੀਮਤ ਰਹਿ ਗਈ ਹੈ। ਮੰਡੀਆਂ ਵਿੱਚ ਖੁੱਲ੍ਹੇ ਅਸਮਾਨ ਹੇਠ ਲੱਖਾਂ ਬੋਰੀਆਂ ਝੋਨਾ ਪਿਆ ਹੈ, ਪਰ ਸਰਕਾਰ ਵੱਲੋਂ ਸਮੇਂ ਸਿਰ ਚੁਕਾਈ ਅਤੇ ਸਾਂਭ-ਸੰਭਾਲ ਲਈ ਕੋਈ ਠੋਸ ਪ੍ਰਬੰਧ ਨਹੀਂ ਕੀਤੇ ਗਏ। ਸਰਕਾਰ ਦੀ ਇਸ ਨਾਕਾਮੀ ਦਾ ਖਮਿਆਜ਼ਾ ਕਿਸਾਨਾਂ, ਮਜ਼ਦੂਰਾਂ ਅਤੇ ਆੜ੍ਹਤੀ ਵਰਗ ਨੂੰ ਭੁਗਤਣਾ ਪੈ ਰਿਹਾ ਹੈ।
ਉਨ੍ਹਾਂ ਕਿਹਾ ਕਿ 10 ਨਵੰਬਰ ਤੱਕ ਝੋਨੇ ਦੀ ਸਰਕਾਰੀ ਖਰੀਦ 165 ਲੱਖ ਮੀਟ੍ਰਿਕ ਟਨ ਦੇ ਕਰੀਬ ਪਹੁੰਚਣ ਦੇ ਬਾਵਜੂਦ ਚੁਕਾਈ ਦੀ ਸਮੱਸਿਆ ਬਰਕਰਾਰ ਹੈ। ਜਗਰਾਉਂ ਵਰਗੀਆਂ ਵੱਡੀਆਂ ਮੰਡੀਆਂ ਵਿੱਚ 20 ਤੋਂ 22 ਲੱਖ ਬੋਰੀਆਂ ਝੋਨਾ ਚੁਕਾਈ ਦੀ ਉਡੀਕ ਵਿੱਚ ਪਿਆ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਇਹ ਸਥਿਤੀ ਸਰਕਾਰ ਦੇ ਖਰੀਦ ਅਤੇ ਚੁਕਾਈ ਪ੍ਰਬੰਧਾਂ 'ਤੇ ਗੰਭੀਰ ਸਵਾਲ ਖੜ੍ਹੇ ਕਰਦੀ ਹੈ। ਸਿਰਫ਼ ਫ਼ਸਲ ਦੀ ਖਰੀਦ ਦੇ ਅੰਕੜੇ ਜਾਰੀ ਕਰਨਾ ਕਾਫ਼ੀ ਨਹੀਂ, ਸਗੋਂ ਖਰੀਦੀ ਗਈ ਫ਼ਸਲ ਨੂੰ ਸਮੇਂ ਸਿਰ ਮੰਡੀਆਂ ਵਿੱਚੋਂ ਚੁੱਕਣਾ ਅਤੇ ਸੁਰੱਖਿਅਤ ਥਾਵਾਂ 'ਤੇ ਪਹੁੰਚਾਉਣਾ ਵੀ ਸਰਕਾਰ ਦੀ ਜ਼ਿੰਮੇਵਾਰੀ ਹੈ।
ਬੀਬੀ ਰਾਮੂਵਾਲੀਆ ਨੇ ਕਿਹਾ ਕਿ ਪੰਜਾਬ ਵਿੱਚ ਕਰੀਬ 400 ਮੰਡੀਆਂ ਬੰਦ ਕੀਤੇ ਜਾਣ ਦੀਆਂ ਖ਼ਬਰਾਂ ਵੀ ਚਿੰਤਾ ਦਾ ਵਿਸ਼ਾ ਹਨ। ਜੇਕਰ ਕਿਸਾਨਾਂ ਦੀ ਫ਼ਸਲ ਦੀ ਆਮਦ ਅਤੇ ਖਰੀਦ ਦਾ ਕੰਮ ਅਜੇ ਜਾਰੀ ਹੈ ਤਾਂ ਮੰਡੀਆਂ ਬੰਦ ਕਰਨ ਦੇ ਫ਼ੈਸਲੇ ਨਾਲ ਕਿਸਾਨਾਂ ਦੀਆਂ ਮੁਸ਼ਕਲਾਂ ਹੋਰ ਵਧਣਗੀਆਂ। ਕੇਂਦਰ ਵੱਲੋਂ ਇਸ ਸੀਜ਼ਨ ਲਈ 180 ਲੱਖ ਮੀਟ੍ਰਿਕ ਟਨ ਦੀ ਖਰੀਦ ਦਾ ਟੀਚਾ ਤੈਅ ਹੋਣ ਅਤੇ ਪੰਜਾਬ ਵਿੱਚ ਵੱਧ ਪੈਦਾਵਾਰ ਦੀ ਸੰਭਾਵਨਾ ਦੇ ਬਾਵਜੂਦ ਸਰਕਾਰ ਵੱਲੋਂ ਵਾਧੂ ਫ਼ਸਲ ਦੀ ਖਰੀਦ, ਸਟੋਰੇਜ ਅਤੇ ਚੁਕਾਈ ਲਈ ਪਹਿਲਾਂ ਤੋਂ ਪੁਖ਼ਤਾ ਯੋਜਨਾਬੰਦੀ ਕਿਉਂ ਨਹੀਂ ਕੀਤੀ ਗਈ?
ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਖੁੱਲ੍ਹੇ ਅਸਮਾਨ ਹੇਠ ਪਈਆਂ ਝੋਨੇ ਦੀਆਂ ਬੋਰੀਆਂ ਕਿਸਾਨਾਂ ਲਈ ਵੱਡੀ ਚਿੰਤਾ ਦਾ ਕਾਰਨ ਬਣੀਆਂ ਹੋਈਆਂ ਹਨ। ਮੀਂਹ ਅਤੇ ਨਮੀ ਕਾਰਨ ਫ਼ਸਲ ਦੀ ਗੁਣਵੱਤਾ ਪ੍ਰਭਾਵਿਤ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਇਸ ਦੇ ਨਾਲ ਹੀ ਮਜ਼ਦੂਰਾਂ ਦਾ ਕੰਮਕਾਜ ਪ੍ਰਭਾਵਿਤ ਹੋ ਰਿਹਾ ਹੈ, ਆੜ੍ਹਤੀ ਐਸੋਸੀਏਸ਼ਨਾਂ ਨਾਲ ਜੁੜੇ ਲੋਕਾਂ ਨੂੰ ਮੰਡੀ ਦੇ ਕੰਮ ਵਿੱਚ ਦਿੱਕਤਾਂ ਆ ਰਹੀਆਂ ਹਨ ਅਤੇ ਸ਼ੈਲਰ ਮਾਲਕਾਂ ਦੀਆਂ ਸਮੱਸਿਆਵਾਂ ਵੀ ਹੱਲ ਹੋਣ ਦੀ ਉਡੀਕ ਵਿੱਚ ਹਨ। ਇਸ ਸਾਰੇ ਸੰਕਟ ਦਾ ਅਸਰ ਮੰਡੀ ਨਾਲ ਜੁੜੇ ਹਰ ਵਰਗ 'ਤੇ ਪੈ ਰਿਹਾ ਹੈ।
ਬੀਬੀ ਰਾਮੂਵਾਲੀਆ ਨੇ ਕਿਹਾ ਕਿ ਇਸ ਸਮੱਸਿਆ ਦੀ ਇੱਕ ਵੱਡੀ ਵਜ੍ਹਾ ਗੋਦਾਮਾਂ ਵਿੱਚ ਪਹਿਲਾਂ ਤੋਂ ਪਏ ਅਨਾਜ ਦੇ ਭਾਰੀ ਭੰਡਾਰ ਅਤੇ ਨਵੇਂ ਸਟਾਕ ਲਈ ਲੋੜੀਂਦੀ ਜਗ੍ਹਾ ਦੀ ਘਾਟ ਵੀ ਹੈ। ਪੁਰਾਣੇ ਅਨਾਜ ਦੀ ਸਮੇਂ ਸਿਰ ਢੋਆ-ਢੁਆਈ ਨਾ ਹੋਣ ਕਾਰਨ ਨਵੇਂ ਝੋਨੇ ਦੀ ਸਟੋਰੇਜ ਅਤੇ ਚੁਕਾਈ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ। ਪੰਜਾਬ ਸਰਕਾਰ ਅਤੇ ਕੇਂਦਰੀ ਏਜੰਸੀਆਂ ਵਿਚਕਾਰ ਬਿਹਤਰ ਤਾਲਮੇਲ ਰਾਹੀਂ ਇਸ ਸਮੱਸਿਆ ਦਾ ਹੱਲ ਕੱਢਣਾ ਲਾਜ਼ਮੀ ਸੀ, ਪਰ ਇਸ ਦੀ ਮਾਰ ਕਿਸਾਨਾਂ ਅਤੇ ਮੰਡੀ ਨਾਲ ਜੁੜੇ ਲੋਕਾਂ ਨੂੰ ਸਹਿਣੀ ਪੈ ਰਹੀ ਹੈ।
ਉਨ੍ਹਾਂ ਕਿਹਾ ਕਿ ਕਿਸਾਨ ਆਪਣੀ ਫ਼ਸਲ ਵੇਚ ਕੇ ਅਗਲੀ ਕਣਕ ਦੀ ਬਿਜਾਈ ਦੀ ਤਿਆਰੀ ਕਰਨਾ ਚਾਹੁੰਦਾ ਹੈ, ਪਰ ਮੰਡੀਆਂ ਵਿੱਚ ਝੋਨੇ ਦੇ ਢੇਰ ਅਤੇ ਚੁਕਾਈ ਦੀ ਉਡੀਕ ਉਸ ਦੀ ਅਗਲੀ ਖੇਤੀ ਯੋਜਨਾ ਨੂੰ ਵੀ ਪ੍ਰਭਾਵਿਤ ਕਰ ਰਹੀ ਹੈ। ਕਿਸਾਨ ਨੂੰ ਸਿਰਫ਼ ਫ਼ਸਲ ਦੀ ਅਦਾਇਗੀ ਕਰ ਦੇਣਾ ਹੀ ਸਰਕਾਰ ਦੀ ਜ਼ਿੰਮੇਵਾਰੀ ਪੂਰੀ ਨਹੀਂ ਕਰਦਾ। ਉਸ ਦੀ ਫ਼ਸਲ ਦੀ ਸਮੇਂ ਸਿਰ ਖਰੀਦ, ਚੁਕਾਈ ਅਤੇ ਸੁਰੱਖਿਅਤ ਸਟੋਰੇਜ ਯਕੀਨੀ ਬਣਾਉਣਾ ਵੀ ਓਨਾ ਹੀ ਜ਼ਰੂਰੀ ਹੈ।
ਬੀਬੀ ਰਾਮੂਵਾਲੀਆ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੂੰ ਚੁਟਕਲਿਆਂ ਅਤੇ ਬਿਆਨਬਾਜ਼ੀ ਤੋਂ ਬਾਹਰ ਨਿਕਲ ਕੇ ਜ਼ਮੀਨੀ ਹਕੀਕਤ ਵੱਲ ਧਿਆਨ ਦੇਣਾ ਚਾਹੀਦਾ ਹੈ। ਸਰਕਾਰ ਤੁਰੰਤ ਬਾਕੀ ਪਏ ਝੋਨੇ ਦੀ ਚੁਕਾਈ ਲਈ ਵਿਸ਼ੇਸ਼ ਪ੍ਰਬੰਧ ਕਰੇ, ਟਰਾਂਸਪੋਰਟ ਅਤੇ ਸਟੋਰੇਜ ਦੀਆਂ ਰੁਕਾਵਟਾਂ ਦੂਰ ਕਰੇ ਅਤੇ ਮੰਡੀਆਂ ਵਿੱਚ ਕੰਮ ਕਰ ਰਹੇ ਕਿਸਾਨਾਂ, ਮਜ਼ਦੂਰਾਂ, ਆੜ੍ਹਤੀਆਂ ਅਤੇ ਸ਼ੈਲਰ ਮਾਲਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰੇ।

टिप्पणियाँ