ਨੌਜਵਾਨਾਂ ਨੂੰ ਇੱਕ ਕਰੋੜ ਦੇ ਇਨਾਮ ਦਾ ਸੁਪਨਾ ਦਿਖਾਉਣ ਦੀ ਬਜਾਏ ਪੱਕੀਆਂ ਨੌਕਰੀਆਂ ਦੇਵੇ ਭਗਵੰਤ ਮਾਨ ਸਰਕਾਰ: ਬੀਬੀ ਅਮਨਜੋਤ ਕੌਰ ਰਾਮੂਵਾਲੀਆ
ਭਾਰਤੀ ਜਨਤਾ ਪਾਰਟੀ ਦੀ ਨੈਸ਼ਨਲ ਕਾਰਜਕਾਰੀ ਕਮੇਟੀ ਦੀ ਮੈਂਬਰ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਨੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ‘ਪੰਜਾਬ ਦਾ ਕਰੋੜਪਤੀ’ ਕੁਇਜ਼ ਮੁਕਾਬਲੇ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਪੰਜਾਬ ਦਾ ਨੌਜਵਾਨ ਅੱਜ ਇੱਕ ਕਰੋੜ ਰੁਪਏ ਦੇ ਇਨਾਮ ਦੀਆਂ ਗੱਲਾਂ ਨਹੀਂ, ਸਗੋਂ ਆਪਣੇ ਹੱਥ ਵਿੱਚ ਪੱਕਾ ਨਿਯੁਕਤੀ ਪੱਤਰ ਦੇਖਣਾ ਚਾਹੁੰਦਾ ਹੈ।
ਪਰ ਸਵਾਲ ਇਹ ਹੈ ਕਿ ਜਿਹੜੇ ਨੌਜਵਾਨ ਸਾਲਾਂ ਤੋਂ ਪਟਵਾਰੀ, ਪੁਲਿਸ ਕਾਂਸਟੇਬਲ ਅਤੇ PCS ਵਰਗੀਆਂ ਸਰਕਾਰੀ ਨੌਕਰੀਆਂ ਲਈ ਪੜ੍ਹਾਈ ਕਰ ਰਹੇ ਹਨ, ਉਨ੍ਹਾਂ ਨੂੰ ਭਰਤੀ ਪ੍ਰਕਿਰਿਆ ਵਿੱਚ ਤੇਜ਼ੀ, ਸਮੇਂ ਸਿਰ ਪ੍ਰੀਖਿਆਵਾਂ, ਪਾਰਦਰਸ਼ੀ ਨਤੀਜੇ ਅਤੇ ਪੱਕੀਆਂ ਨੌਕਰੀਆਂ ਕਦੋਂ ਮਿਲਣਗੀਆਂ?
ਉਨ੍ਹਾਂ ਕਿਹਾ ਕਿ ਕੁਇਜ਼ ਮੁਕਾਬਲੇ ਕਰਵਾਉਣਾ ਗਲਤ ਨਹੀਂ, ਪਰ ਇਸ ਨੂੰ ਨੌਜਵਾਨਾਂ ਦੀਆਂ ਬੁਨਿਆਦੀ ਸਮੱਸਿਆਵਾਂ ਦਾ ਹੱਲ ਦੱਸਣਾ ਸਹੀ ਨਹੀਂ। ਪੰਜਾਬ ਦਾ ਨੌਜਵਾਨ ਵਿਦੇਸ਼ਾਂ ਵੱਲ ਜਾਣ ਲਈ ਮਜਬੂਰ ਹੈ, ਬੇਰੁਜ਼ਗਾਰ ਡਿਗਰੀਆਂ ਲੈ ਕੇ ਭਟਕ ਰਹੇ ਹਨ ਅਤੇ ਭਰਤੀ ਪ੍ਰੀਖਿਆਵਾਂ ਵਿੱਚ ਬੇਨਿਯਮੀਆਂ ਤੇ ਨਤੀਜਿਆਂ ਨੂੰ ਲੈ ਕੇ ਲਗਾਤਾਰ ਸਵਾਲ ਉੱਠਦੇ ਰਹੇ ਹਨ।
ਬੀਬੀ ਰਾਮੂਵਾਲੀਆ ਨੇ ਕਿਹਾ ਕਿ ਸਰਕਾਰ ਨੂੰ ਦੱਸਣਾ ਚਾਹੀਦਾ ਹੈ ਕਿ ਕਿੰਨੀਆਂ ਖਾਲੀ ਅਸਾਮੀਆਂ ਭਰੀਆਂ ਜਾਣੀਆਂ ਬਾਕੀ ਹਨ, ਕਿੰਨੀਆਂ ਨਵੀਆਂ ਭਰਤੀਆਂ ਦਾ ਕੈਲੰਡਰ ਜਾਰੀ ਕੀਤਾ ਗਿਆ ਹੈ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਸਰਕਾਰ ਕੋਲ ਠੋਸ ਯੋਜਨਾ ਕੀ ਹੈ?
ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਇਨਾਮੀ ਮੁਕਾਬਲਿਆਂ ਦੇ ਸੁਪਨਿਆਂ ਵਿੱਚ ਉਲਝਾਉਣ ਦੀ ਬਜਾਏ ਉਨ੍ਹਾਂ ਨੂੰ ਰੁਜ਼ਗਾਰ, ਸਵੈ-ਰੁਜ਼ਗਾਰ ਅਤੇ ਸੂਬੇ ਵਿੱਚ ਹੀ ਆਪਣਾ ਭਵਿੱਖ ਬਣਾਉਣ ਦੇ ਮੌਕੇ ਦੇਣਾ ਸਰਕਾਰ ਦੀ ਅਸਲ ਜ਼ਿੰਮੇਵਾਰੀ ਹੈ। ਨੌਜਵਾਨਾਂ ਨੂੰ ਕਰੋੜਪਤੀ ਬਣਨ ਦਾ ਸੁਪਨਾ ਨਹੀਂ, ਆਪਣੀ ਮਿਹਨਤ ਨਾਲ ਇੱਜ਼ਤ ਦੀ ਰੋਜ਼ੀ ਕਮਾਉਣ ਦਾ ਮੌਕਾ ਚਾਹੀਦਾ ਹੈ।
टिप्पणियाँ
एक टिप्पणी भेजें