ਸ੍ਰੀ ਫ਼ਤਿਹਗੜ੍ਹ ਸਾਹਿਬ ਨੂੰ ਪਵਿੱਤਰ ਸ਼ਹਿਰ ਘੋਸ਼ਿਤ ਕੀਤਾ ਜਾਵੇ :ਡਾ. ਪੰਡਿਤਰਾਵ ਧਰੇਨਾਵਰ

ਚੰਡੀਗੜ੍ਹ:ਇੱਕ ਕੀਤੀ ਗਈ ਖੋਜ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ 200 ਲੋਕਾਂ ਵਿੱਚੋਂ ਸਾਰੇ 200 ਲੋਕ ਇਸ ਗੱਲ ਨਾਲ ਪੂਰੀ ਤਰ੍ਹਾਂ ਸਹਿਮਤ ਹਨ ਕਿ ਸ੍ਰੀ ਫ਼ਤਿਹਗੜ੍ਹ ਸਾਹਿਬ ਜੀ ਨੂੰ ਪਵਿੱਤਰ ਸ਼ਹਿਰ ਵਜੋਂ ਘੋਸ਼ਿਤ ਕੀਤਾ ਜਾਣਾ ਚਾਹੀਦਾ ਹੈ।

ਪੰਜਾਬੀ ਭਾਸ਼ਾ ਪ੍ਰੇਮੀ ਅਤੇ ਚੰਡੀਗੜ੍ਹ ਦੇ ਇੱਕ ਸਰਕਾਰੀ ਕਾਲਜ ਵਿੱਚ ਐਸੋਸੀਏਟ ਪ੍ਰੋਫੈਸਰ ਵਜੋਂ ਸੇਵਾ ਨਿਭਾ ਰਹੇ ਡਾ. ਪੰਡਿਤਰਾਵ ਧਰੇਨਾਵਰ ਵੱਲੋਂ ਕੀਤੀ ਗਈ ਇਸ ਖੋਜ ਵਿੱਚ ਬਹੁਤ ਹੀ ਦਿਲਚਸਪ ਨਤੀਜੇ ਸਾਹਮਣੇ ਆਏ ਹਨ।

ਸ੍ਰੀ ਫ਼ਤਿਹਗੜ੍ਹ ਸਾਹਿਬ ਦੇ ਗੁਰਦੁਆਰਾ ਸਾਹਿਬ ਤੋਂ ਲੈ ਕੇ ਜੋੜੀ ਸਵਰੂਪ ਸਾਹਿਬ ਤੱਕ ਦੀ ਸੜਕ ਨੂੰ ਵਿਰਾਸਤੀ ਸੜਕ ਵਜੋਂ ਵਿਕਸਤ ਕਰਨ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ 99 ਪ੍ਰਤੀਸ਼ਤ ਲੋਕਾਂ ਨੇ ਇਸ ਸੜਕ ਨੂੰ ਵਿਰਾਸਤੀ ਸੜਕ ਵਜੋਂ ਵਿਕਸਤ ਕਰਨ ਲਈ ਆਪਣੀ ਸਹਿਮਤੀ ਦਿੱਤੀ ਹੈ।

ਸ਼ਹੀਦੀ ਦਿਹਾੜਿਆਂ ਦੌਰਾਨ ਹੁੱਲੜਬਾਜ਼ੀ ਰੋਕਣ ਸੰਬੰਧੀ ਪੁੱਛੇ ਗਏ ਸਵਾਲ ਵਿੱਚ 100 ਪ੍ਰਤੀਸ਼ਤ ਲੋਕਾਂ ਨੇ ਹੁੱਲੜਬਾਜ਼ੀ ਰੋਕਣ ਦੇ ਹੱਕ ਵਿੱਚ ਸਹਿਮਤੀ ਜਤਾਈ ਹੈ।

ਸ਼ਹੀਦੀ ਦਿਹਾੜਿਆਂ ਦੌਰਾਨ ਸ੍ਰੀ ਫ਼ਤਿਹਗੜ੍ਹ ਸਾਹਿਬ ਵੱਲ ਆਉਣ ਵਾਲੀਆਂ ਪੰਜਾਬ ਰੋਡਵੇਜ਼ ਦੀਆਂ ਬੱਸਾਂ ਨੂੰ ਰੋਕ ਕੇ ਟਿਕਟ ਚੈਕ ਕਰਨ ਬਾਰੇ ਪੁੱਛੇ ਗਏ ਸਵਾਲ ਵਿੱਚ 90 ਪ੍ਰਤੀਸ਼ਤ ਲੋਕਾਂ ਨੇ ਕਿਹਾ ਹੈ ਕਿ ਟਿਕਟ ਚੈਕ ਨਹੀਂ ਕੀਤੀ ਜਾਣੀ ਚਾਹੀਦੀ।

ਸ਼ਹੀਦੀ ਦਿਹਾੜਿਆਂ ਦੌਰਾਨ ਸ੍ਰੀ ਫ਼ਤਿਹਗੜ੍ਹ ਸਾਹਿਬ ਵੱਲ ਆਉਣ ਵਾਲੀਆਂ ਪੰਜਾਬ ਰੋਡਵੇਜ਼ ਦੀਆਂ ਬੱਸਾਂ ਨੂੰ ਰੋਕ ਕੇ ਟਿਕਟ ਕਟਣ ਬਾਰੇ ਪੁੱਛੇ ਗਏ ਸਵਾਲ ਵਿੱਚ 90 ਪ੍ਰਤੀਸ਼ਤ ਲੋਕਾਂ ਨੇ ਕਿਹਾ ਹੈ ਕਿ ਟਿਕਟ ਨਹੀਂ ਕਟੀ ਜਾਣੀ ਚਾਹੀਦੀ।

ਡਾ. ਪੰਡਿਤਰਾਵ ਨੇ ਕਿਹਾ ਕਿ ਇਸ ਖੋਜ ਦੇ ਨਤੀਜਿਆਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਸਾਰੇ ਲੋਕ ਸ੍ਰੀ ਫ਼ਤਿਹਗੜ੍ਹ ਸਾਹਿਬ ਨੂੰ ਪਵਿੱਤਰ ਸ਼ਹਿਰ ਵਜੋਂ ਘੋਸ਼ਿਤ ਕੀਤਾ ਜਾਣਾ ਚਾਹੁੰਦੇ ਹਨ।

ਉਨ੍ਹਾਂ ਨੇ ਇਹ ਵੀ ਕਿਹਾ ਕਿ ਮਾਣਯੋਗ ਮੁੱਖ ਮੰਤਰੀ ਪੰਜਾਬ ਜ਼ਰੂਰ ਸ੍ਰੀ ਫ਼ਤਿਹਗੜ੍ਹ ਸਾਹਿਬ ਨੂੰ ਪਵਿੱਤਰ ਸ਼ਹਿਰ ਘੋਸ਼ਿਤ ਕਰਨਗੇ।

Comments