ਖਾਦ ਸਮੱਸਿਆ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਚੀਫ਼ ਖੇਤੀਬਾੜੀ ਦਫ਼ਤਰ ਅੰਮ੍ਰਿਤਸਰ ਅੱਗੇ ਰੋਸ ਪ੍ਰਦਰਸ਼ਨ, ਬਿਜਲੀ ਸੋਧ ਬਿੱਲ ਖ਼ਿਲਾਫ਼ ਗਿੱਲ ਮੰਡੀ ਵਿੱਚ ਹੋਇਆ ਭਾਰੀ ਇਕੱਠ,
ਚੰਡੀਗੜ: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਅੱਜ ਅੰਮ੍ਰਿਤਸਰ ਮਹਿਤਾ ਰੋਡ ਤੇ ਗਿੱਲ ਦਾਣਾ ਮੰਡੀ ਵਿੱਚ ਭਾਰੀ ਇਕੱਠ ਕਰਕੇ ਬਿਜਲੀ ਸੋਧ ਬਿੱਲ 2025 ਖ਼ਿਲਾਫ਼ ਇਕਜੁੱਟਤਾ ਦਾ ਸਬੂਤ ਦਿੱਤਾ ਗਿਆ। ਇਸ ਮੌਕੇ ਪੰਜਾਬ ਵੱਲੋਂ ਸੂਬਾ ਆਗੂ ਸਰਵਣ ਸਿੰਘ ਪੰਧੇਰ, ਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ ਅਤੇ ਸੂਬਾ ਆਗੂ ਜਰਮਨਜੀਤ ਸਿੰਘ ਬੰਡਾਲਾ ਨੇ ਕਿਹਾ ਕਿ ਬਿਜਲੀ ਨਿੱਜੀਕਰਨ ਬਾਰੇ ਲੋਕਾਂ ਵਿੱਚ ਚੇਤਨਾ ਵਧੀ ਹੈ ਅਤੇ ਖਾਸ ਕਰਕੇ ਪ੍ਰੀਪੇਡ ਮੀਟਰਾਂ ਦਾ ਵਿਰੋਧ ਵਿਆਪਕ ਪੱਧਰ ਤੇ ਦਿਖਾਈ ਦੇ ਰਿਹਾ ਹੈ। ਉਹਨਾਂ ਕਿਹਾ ਕਿ ਅਗਰ ਇਹ ਸੋਧ ਬਿੱਲ ਕਨੂੰਨ ਦਾ ਰੂਪ ਧਾਰਨ ਕਰਦਾ ਹੈ ਤਾਂ ਬਿਜਲੀ ਅਦਾਰਾ ਪ੍ਰਾਈਵੇਟ ਕੰਪਨੀਆਂ ਦੇ ਹੱਥਾਂ ਵਿੱਚ ਜਿਸ ਕਾਰਨ ਬਿਜਲੀ ਬੇਹੱਦ ਮਹਿੰਗੀ ਹੋ ਜਾਵੇਗੀ ਅਤੇ ਲਗਭਗ 100 ਕਰੋੜ ਭਾਰਤੀਆਂ ਲਈ ਬਿਜਲੀ ਪਹੁੰਚ ਤੋਂ ਬਾਹਰ ਹੋ ਜਾਵੇਗੀ। ਉਹਨਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਅੱਜ ਅੰਦਰੋ ਪੂਰੀ ਤਰ੍ਹਾਂ ਮੋਦੀ ਸਰਕਾਰ ਦੀਆਂ ਨੀਤੀਆਂ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਪੰਜਾਬ ਦੇ ਹੱਕਾਂ ਤੇ ਮਾਰੇ ਜਾ ਰਹੇ ਡਾਕੇ ਤੇ ਆਪਣੇ ਮੂੰਹ ਤੇ ਤਾਲਾ ਤਾਂ ਲਗਾ ਕੇ ਬੈਠਾ ਹੈ। ਇਸ ਤੋਂ ਬਾਅਦ ਕਿਸਾਨਾਂ ਮਜਦੂਰਾਂ ਵੱਲੋਂ ਖਾਦ ਦੀ ਕਿੱਲਤ ਅਤੇ ਖਾਦਾਂ ਦੇ ਨਾਲ ਡਿਸਟ੍ਰੀਬਿਊਟਰਾਂ ਅਤੇ ਦੁਕਾਨਦਾਰਾਂ ਵੱਲੋਂ ਹੋਰ ਉਤਪਾਦਾਂ ਦੀ ਕੀਤੀ ਜਾ ਰਹੀ ਜਬਰੀ ਵਿਕਰੀ ਅਤੇ ਖਾਦ ਦੀ ਕਿੱਲਤ ਖਿਲਾਫ਼ ਚੀਫ਼ ਖੇਤੀਬਾੜੀ ਅਫਸਰ ਅੰਮ੍ਰਿਤਸਰ ਦੇ ਦਫਤਰ ਅੱਗੇ ਜਥੇਬੰਦੀ ਦੀ ਅਗਵਾਈ ਵਿੱਚ ਇਲਾਕੇ ਦੇ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ।
ਉਹਨਾਂ ਕਿਹਾ ਕਿ ਬੇਸ਼ੱਕ ਸਰਕਾਰ ਵੱਡੇ ਕਾਗਜ਼ੀ ਦਾਅਵੇ ਕੀਤੇ ਜਾ ਰਹੇ ਹਨ ਪਰ ਜਮੀਨੀ ਪੱਧਰ ਤੇ ਤਸਵੀਰ ਬਿਲਕੁਲ ਉਲਟ ਹੈ ਅਤੇ ਇੱਕ ਪਾਸੇ ਜਿੱਥੇ ਇਸ ਵਾਰ ਝੋਨੇ ਦੇ ਘੱਟ ਝਾੜ ਨੇ ਕਿਸਾਨਾਂ ਨੂੰ ਆਰਥਿਕ ਸੱਟ ਮਾਰੀ ਹੈ ਓਥੇ ਹੀ ਖਾਦ ਵਿਕ੍ਰੇਤਾਵਾਂ ਵੱਲੋਂ ਹੋ ਰਹੀ ਅੰਨ੍ਹੀ ਲੁੱਟ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ ਅਤੇ ਅਜਿਹੇ ਵਿੱਚ ਸਬੰਧਿਤ ਅਦਾਰੇ ਦੇ ਅਫ਼ਸਰ ਸ਼ਿਕਾਇਤ ਮਿਲਣ ਤੇ ਲਗਾਤਾਰ ਡੰਗ ਟਪਾਊ ਲਹਿਜ਼ਾ ਅਪਣਾ ਕੇ ਇਸ ਲੁੱਟ ਨੂੰ ਅਸਿੱਧੇ ਤੌਰ ਤੇ ਸਹਿਮਤੀ ਦੇ ਰਹੇ ਹਨ। ਇਸ ਮੌਕੇ ਚੀਫ਼ ਖੇਤੀਬਾੜੀ ਅਫ਼ਸਰ ਡਾ ਗੁਰਸਾਹਿਬ ਸਿੰਘ ਪੱਟੀ ਨਾਲ ਮੀਟਿੰਗ ਹੋਈ ਜਿਸ ਵਿੱਚ ਸਹਿਮਤੀ ਬਣੀ ਕਿ ਮਿਲੀਆਂ ਸ਼ਿਕਾਇਤਾਂ ਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ ਅਤੇ ਖਾਦ ਦੀ ਕਿੱਲਤ ਸਬੰਧੀ ਅਗਾਂਹੂ ਵਿਚਾਰ ਵਟਾਂਦਰਾ ਕਰਨ ਲਈ 27 ਨਵੰਬਰ ਨੂੰ ਡੀਸੀ ਅੰਮ੍ਰਿਤਸਰ ਸਮੇਤ ਡੀ. ਆਰ. ਓ. ਸਹਿਕਾਰੀ ਸਭਾਵਾਂ ਦੀ ਮੌਜੂਦਗੀ ਵਿੱਚ ਮੀਟਿੰਗ ਕਰਕੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਇਸ ਮੌਕੇ ਚੀਫ਼ ਅਫ਼ਸਰ ਵੱਲੋਂ ਧਰਨਕਾਰੀਆਂ ਨੂੰ ਆਸ਼ਵਾਸਨ ਦੁਆਇਆ ਗਿਆ।
Comments
Post a Comment