ਲਖੀਮਪੁਰ ਖੀਰੀ ਦੇ ਸ਼ਹੀਦ ਕਿਸਾਨਾਂ ਅਤੇ ਪੱਤਰਕਾਰ ਦੀ ਯਾਦ ਵਿੱਚ ਅੱਜ ਚੰਡੀਗੜ੍ਹ ਵਿੱਚ ਕੈਂਡਲ ਮਾਰਚ


ਚੰਡੀਗੜ੍ਹ, 3 ਅਕਤੂਬਰ 2026:3 ਅਕਤੂਬਰ 2021 ਨੂੰ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿੱਚ ਵਾਪਰੀ ਦਰਦਨਾਕ ਘਟਨਾ ਦੀ ਅੱਜ ਪੰਜਵੀਂ ਬਰਸੀ ਮੌਕੇ ਕਿਸਾਨ-ਮਜ਼ਦੂਰ ਮੋਰਚਾ ਚੈਪਟਰ ਪੰਜਾਬ-ਹਰਿਆਣਾ ਦੀਆਂ ਜਥੇਬੰਦੀਆਂ ਵੱਲੋਂ ਚੰਡੀਗੜ੍ਹ ਵਿੱਚ ਕੈਂਡਲ ਮਾਰਚ ਕੱਢਿਆ ਜਾਵੇਗਾ। ਇਹ ਕੈਂਡਲ ਮਾਰਚ ਸ਼ਾਮ 6 ਵਜੇ ਚੰਡੀਗੜ੍ਹ ਕਿਸਾਨ ਭਵਨ ਤੋਂ ਮਟਕਾ ਚੌਂਕ ਵੱਲ ਸ਼ੁਰੂ ਹੋਵੇਗਾ। ਇਸ ਮੌਕੇ ਲਖੀਮਪੁਰ ਖੀਰੀ ਕਾਂਡ ਵਿੱਚ ਜਾਨ ਗੁਆਉਣ ਵਾਲੇ ਕਿਸਾਨਾਂ ਅਤੇ ਪੱਤਰਕਾਰ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ।


3 ਅਕਤੂਬਰ 2021 ਨੂੰ ਲਖੀਮਪੁਰ ਖੀਰੀ ਵਿੱਚ ਕਿਸਾਨਾਂ ਦੇ ਪ੍ਰਦਰਸ਼ਨ ਦੌਰਾਨ ਵਾਪਰੀ ਘਟਨਾ ਵਿੱਚ ਚਾਰ ਕਿਸਾਨਾਂ ਅਤੇ ਪੱਤਰਕਾਰ ਰਮਨ ਕਸ਼ਯਪ  ਦੀ ਮੌਤ ਹੋਈ ਸੀ। ਜਾਂਚ ਤੋਂ ਬਾਅਦ ਆਸ਼ੀਸ਼ ਮਿਸ਼ਰਾ ਸਮੇਤ ਕਈ ਮੁਲਜ਼ਮਾਂ ਵਿਰੁੱਧ ਕਤਲ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਚਾਰਜਸ਼ੀਟ ਦਾਇਰ ਕੀਤੀ ਗਈ ਅਤੇ ਮਾਮਲਾ ਅਦਾਲਤ ਵਿੱਚ ਵਿਚਾਰ ਅਧੀਨ ਹੈ।

ਕਿਸਾਨ-ਮਜ਼ਦੂਰ ਮੋਰਚਾ ਮੰਗ ਕਰਦਾ ਹੈ ਕਿ ਲਖੀਮਪੁਰ ਖੀਰੀ ਕਾਂਡ ਦੇ ਮੁਲਜ਼ਮਾਂ ਵਿਰੁੱਧ ਚੱਲ ਰਹੀ ਨਿਆਂਇਕ ਕਾਰਵਾਈ ਨੂੰ ਜਲਦ ਮੁਕੰਮਲ ਕਰਕੇ ਕਾਨੂੰਨ ਅਨੁਸਾਰ ਸਜ਼ਾ ਦਿੱਤੀ ਜਾਵੇ ਅਤੇ ਪੀੜਤ ਪਰਿਵਾਰਾਂ ਨੂੰ ਨਿਆਂ ਯਕੀਨੀ ਬਣਾਇਆ ਜਾਵੇ। ਹਾਲ ਹੀ ਵਿੱਚ ਸੁਪਰੀਮ ਕੋਰਟ ਨੇ ਵੀ ਇਸ ਮਾਮਲੇ ਦੀ ਸੁਣਵਾਈ ਦੌਰਾਨ ਮੁਕੱਦਮੇ ਦੀ ਕਾਰਵਾਈ ਨਾਲ ਸਬੰਧਤ ਮਾਮਲਿਆਂ ਵਿੱਚ ਦਖ਼ਲ ਦਿੰਦਿਆਂ ਉੱਤਰ ਪ੍ਰਦੇਸ਼ ਸਰਕਾਰ ਨੂੰ ਸਰਕਾਰੀ ਵਕੀਲ ਬਦਲਣ ਦੇ ਨਿਰਦੇਸ਼ ਦਿੱਤੇ ਹਨ।

ਮੋਰਚੇ ਵੱਲੋਂ ਇਹ ਵੀ ਮੰਗ ਕੀਤੀ ਜਾਵੇਗੀ ਕਿ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨਾਲ ਕੀਤੇ ਸਮਝੌਤੇ ਅਤੇ ਕੀਤੇ ਗਏ ਐਲਾਨ ਪੂਰੀ ਤਰ੍ਹਾਂ ਲਾਗੂ ਕੀਤੇ ਜਾਣ। 2021 ਵਿੱਚ ਸਰਕਾਰ ਅਤੇ ਕਿਸਾਨ ਆਗੂਆਂ ਵਿਚਕਾਰ ਹੋਏ ਸਮਝੌਤੇ ਤਹਿਤ ਚਾਰ ਮ੍ਰਿਤਕ ਕਿਸਾਨਾਂ ਦੇ ਪਰਿਵਾਰਾਂ ਨੂੰ 45-45 ਲੱਖ ਰੁਪਏ ਮੁਆਵਜ਼ਾ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ, ਜਦਕਿ ਜ਼ਖ਼ਮੀਆਂ ਨੂੰ 10-10 ਲੱਖ ਰੁਪਏ ਦੀ ਸਹਾਇਤਾ ਦੇਣ ਅਤੇ ਮਾਮਲੇ ਦੀ ਨਿਆਂਇਕ ਜਾਂਚ ਕਰਵਾਉਣ ਦਾ ਐਲਾਨ ਕੀਤਾ ਗਿਆ ਸੀ।

ਕਿਸਾਨ-ਮਜ਼ਦੂਰ ਮੋਰਚਾ ਆਗੂਆਂ ਨੇ ਕਿਹਾ ਕਿ ਲਖੀਮਪੁਰ ਖੀਰੀ ਦੇ ਸ਼ਹੀਦ ਕਿਸਾਨਾਂ ਅਤੇ ਪੱਤਰਕਾਰ ਦੀ ਯਾਦ ਨੂੰ ਸਿਰਫ਼ ਬਰਸੀ ਤੱਕ ਸੀਮਤ ਨਹੀਂ ਰੱਖਿਆ ਜਾ ਸਕਦਾ। ਜਦੋਂ ਤੱਕ ਪੀੜਤ ਪਰਿਵਾਰਾਂ ਨੂੰ ਪੂਰਾ ਨਿਆਂ ਨਹੀਂ ਮਿਲਦਾ ਅਤੇ ਸਰਕਾਰ ਵੱਲੋਂ ਕੀਤੇ ਗਏ ਵਾਅਦੇ ਪੂਰੀ ਤਰ੍ਹਾਂ ਲਾਗੂ ਨਹੀਂ ਹੁੰਦੇ, ਉਦੋਂ ਤੱਕ ਇਸ ਮਾਮਲੇ ਨੂੰ ਲੋਕਾਂ ਦੇ ਸਾਹਮਣੇ ਉਠਾਇਆ ਜਾਂਦਾ ਰਹੇਗਾ।

ਇਸ ਕੈਂਡਲ ਮਾਰਚ ਵਿੱਚ ਪੰਜਾਬ ਅਤੇ ਹਰਿਆਣਾ ਦੀਆਂ ਕਿਸਾਨ-ਮਜ਼ਦੂਰ ਜਥੇਬੰਦੀਆਂ ਦੇ ਆਗੂ ਅਤੇ ਵਰਕਰ ਵੱਡੀ ਗਿਣਤੀ ਵਿੱਚ ਸ਼ਾਮਲ ਹੋਣਗੇ।

ਇਸ ਮੌਕੇ ਲਖੀਮਪੁਰ ਖੀਰੀ ਦੇ ਸ਼ਹੀਦ ਕਿਸਾਨਾਂ ਅਤੇ ਪੱਤਰਕਾਰ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਨਿਆਂ ਦੀ ਮੰਗ ਨੂੰ ਬੁਲੰਦ ਕੀਤਾ ਜਾਵੇਗਾ।

ਅੰਮ੍ਰਿਤਸਰ ਤੋਂ: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਜਥਾ ਅੱਜ ਸਵੇਰੇ ਬਿਆਸ ਪੁਲ ਤੋਂ ਚੰਡੀਗੜ੍ਹ ਲਈ ਰਵਾਨਾ ਹੋ ਚੁੱਕਾ ਹੈ ਅਤੇ ਸ਼ਾਮ ਦੇ ਕੈਂਡਲ ਮਾਰਚ ਵਿੱਚ ਸ਼ਾਮਲ ਹੋਵੇਗਾ।

 ਇਹ ਜਾਣਕਾਰੀ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਭੰ ਨੇ ਦਿੱਤੀ ਅੱਜ ਦੇ ਜਥੇ ਵਿੱਚ ਮੁੱਖ ਆਗੂ ਸੂਬਾ ਜਨਰਲ ਸਕੱਤਰ ਰਣਬੀਰ ਸਿੰਘ ਜੀ ਰਾਣਾ, ਲਖਵਿੰਦਰ ਸਿੰਘ ਵਰਿਆਮ ਨੰਗਲ, ਸਤਿਨਾਮ ਸਿੰਘ ਮਾਣੋਚਾਲ, ਹਰਵਿੰਦਰ ਸਿੰਘ ਮਸਾਣੀਆਂ, ਇੰਦਰਜੀਤ ਸਿੰਘ ਕੱਲੀਵਾਲਾ, ਸਰਵਣ ਸਿੰਘ ਬਾਊਪੁਰ, ਦਰਸ਼ਨ ਸਿੰਘ ਜੀ ਮੋਗਾ, ਪਰਮਜੀਤ ਸਿੰਘ ਜੀ ਭੁੱਲਾ, ਹਰਭਜਨ ਸਿੰਘ ਵੈਰੋ ਨੰਗਲ, ਬਲਵਿੰਦਰ ਸਿੰਘ ਰੁਮਾਣਾ ਚੈੱਕ, ਗਗਨਦੀਪ ਸਿੰਘ ਜੀ ਪਠਾਨਕੋਟ ਆਦ ਆਗੂ ਜਥਾ ਲੈ ਕੇ ਰਵਾਨਾ ਹੋਏ

टिप्पणियाँ