ਕੋਟਕਪੂਰਾ ਦਾਣਾ ਮੰਡੀ ’ਚ ਲੁੱਟ ਦੀ ਯੋਜਨਾ ਬਣਾਉਂਦੇ 5 ਵਿਅਕਤੀ ਹਥਿਆਰਾਂ ਸਮੇਤ ਕਾਬੂ

ਕੋਟਕਪੂਰਾ ਪੁਲਿਸ ਨੇ ਲੁੱਟ-ਖੋਹ ਦੀ ਯੋਜਨਾ ਬਣਾ ਰਹੇ ਪੰਜ ਵਿਅਕਤੀਆਂ ਨੂੰ ਮਾਰੂ ਹਥਿਆਰਾਂ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ। 

ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਸੰਜੀਵ ਕੁਮਾਰ ਨੇ ਦੱਸਿਆ ਕਿ ਪੁਲਿਸ ਪਾਰਟੀ ਵੱਲੋਂ ਗਸ਼ਤ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਜਾ ਰਹੀ ਸੀ।

ਇਸ ਦੌਰਾਨ ਪੁਲਿਸ ਨੂੰ ਮੁਖਬਰ ਖਾਸ ਰਾਹੀਂ ਸੂਚਨਾ ਮਿਲੀ ਕਿ ਸ਼ੰਕਰ, ਹਰਜਿੰਦਰ ਸਿੰਘ ਉਰਫ਼ ਜਿੰਦਰ, ਜੋਰਾ ਸਿੰਘ, ਸੰਦੀਪ ਸਿੰਘ ਉਰਫ਼ ਸ਼ੈਕੀ ਅਤੇ ਰਵਿੰਦਰ ਸਿੰਘ ਉਰਫ਼ ਕਾਲੂ ਮੋਗਾ ਰੋਡ ਕੋਟਕਪੂਰਾ ਸਥਿਤ ਦਾਣਾ ਮੰਡੀ ਦੇ ਅੰਦਰਲੇ ਗੇਟ ਕੋਲ ਲੁਕ ਕੇ ਲੁੱਟ-ਖੋਹ ਦੀ ਯੋਜਨਾ ਬਣਾ ਰਹੇ ਹਨ ਅਤੇ ਉਨ੍ਹਾਂ ਕੋਲ ਮਾਰੂ ਹਥਿਆਰ ਵੀ ਮੌਜੂਦ ਹਨ।

ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਮੌਕੇ ’ਤੇ ਰੇਡ ਕੀਤੀ ਗਈ ਅਤੇ ਪੁਲਿਸ ਅਨੁਸਾਰ ਪੰਜਾਂ ਨੂੰ ਕਥਿਤ ਤੌਰ ’ਤੇ ਲੁੱਟ ਦੀ ਯੋਜਨਾ ਬਣਾਉਂਦੇ ਹੋਏ ਹਥਿਆਰਾਂ ਸਮੇਤ ਕਾਬੂ ਕਰ ਲਿਆ ਗਿਆ।

ਪੁਲਿਸ ਨੇ ਮੁਲਜ਼ਮਾਂ ਕੋਲੋਂ ਇੱਕ ਕਾਪਾ, ਇੱਕ ਖੰਡਾ, ਇੱਕ ਕਿਰਪਾਨ, ਇੱਕ ਟੋਕਾ ਅਤੇ ਇੱਕ ਲੋਹੇ ਦੀ ਪਾਈਪ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਇਸ ਸਬੰਧੀ ਥਾਣਾ ਸਿਟੀ ਕੋਟਕਪੂਰਾ ਵਿਖੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।


Comments