ਨੌਜਵਾਨ ਲੜਕੀ ਨਾਲ ਜਬਰ-ਜਨਾਹ ਤੇ ਗਰਭਪਾਤ ਕਰਵਾਉਣ ਦੇ ਦੋਸ਼, ਦੋ ਖ਼ਿਲਾਫ਼ ਕੇਸ

ਘਰੇਲੂ ਕੰਮ ਲਈ ਜਾਂਦੀ ਸੀ ਪੀੜਤਾ, ਡਰਾ-ਧਮਕਾ ਕੇ ਵਾਰ-ਵਾਰ ਜਬਰ-ਜਨਾਹ ਕਰਨ ਦਾ ਦੋਸ਼

ਲਾਲੜੂ, 17 ਅਗਸਤ ਲਾਲੜੂ ਥਾਣਾ ਖੇਤਰ ਵਿੱਚ 18-19 ਸਾਲਾ ਨੌਜਵਾਨ ਲੜਕੀ ਨਾਲ ਕਥਿਤ ਤੌਰ ’ਤੇ ਜਬਰ-ਜਨਾਹ ਕਰਨ ਅਤੇ ਗਰਭਵਤੀ ਹੋਣ ਤੋਂ ਬਾਅਦ ਉਸਦਾ ਗਰਭਪਾਤ ਕਰਵਾਉਣ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਪੀੜਤਾ ਦੇ ਬਿਆਨਾਂ ’ਤੇ ਥਾਣਾ ਲਾਲੜੂ ਪੁਲਿਸ ਨੇ ਇੱਕ ਵਿਅਕਤੀ ਅਤੇ ਉਸਦੀ ਕਥਿਤ ਤੌਰ ’ਤੇ ਮਦਦ ਕਰਨ ਵਾਲੀ ਇੱਕ ਔਰਤ ਖ਼ਿਲਾਫ਼ ਬੀਐੱਨਐੱਸ ਦੀਆਂ ਧਾਰਾਵਾਂ 75, 64, 90, 91, 351, 238 ਅਤੇ 61(2) ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਹੈ।



ਐੱਫਆਈਆਰ ਮੁਤਾਬਕ ਪੀੜਤਾ ਨੇ ਪੁਲਿਸ ਨੂੰ ਦੱਸਿਆ ਕਿ ਪਰਿਵਾਰ ਦੀ ਆਰਥਿਕ ਹਾਲਤ ਕਮਜ਼ੋਰ ਹੋਣ ਕਾਰਨ ਉਸਨੇ ਅੱਠਵੀਂ ਜਮਾਤ ਤੋਂ ਬਾਅਦ ਪੜ੍ਹਾਈ ਛੱਡ ਦਿੱਤੀ ਸੀ। ਸਾਲ 2022-23 ਦੌਰਾਨ ਉਸੇ ਇਲਾਕੇ ਦੇ ਇੱਕ ਵਿਅਕਤੀ ਨੇ ਆਪਣੀ ਪਤਨੀ ਦੀ ਸਿਹਤ ਠੀਕ ਨਾ ਰਹਿਣ ਦਾ ਹਵਾਲਾ ਦਿੰਦਿਆਂ ਉਸਦੇ ਪਰਿਵਾਰ ਨੂੰ ਲੜਕੀ ਨੂੰ ਘਰੇਲੂ ਕੰਮ ਲਈ ਭੇਜਣ ਲਈ ਕਿਹਾ। ਪਰਿਵਾਰ ਨੇ ਭਰੋਸਾ ਕਰਕੇ ਉਸਨੂੰ ਉੱਥੇ ਕੰਮ ਕਰਨ ਲਈ ਭੇਜ ਦਿੱਤਾ।


ਪਹਿਲਾਂ ਛੇੜਛਾੜ, ਫਿਰ ਜਬਰ-ਜਨਾਹ ਦਾ ਦੋਸ਼


ਪੀੜਤਾ ਨੇ ਦੋਸ਼ ਲਾਇਆ ਕਿ ਕੰਮ ਦੌਰਾਨ ਉਕਤ ਵਿਅਕਤੀ ਨੇ ਪਹਿਲਾਂ ਉਸ ਨਾਲ ਛੇੜਛਾੜ ਕਰਨੀ ਸ਼ੁਰੂ ਕੀਤੀ ਅਤੇ ਬਾਅਦ ਵਿੱਚ ਪੈਸਿਆਂ ਤੇ ਹੋਰ ਚੀਜ਼ਾਂ ਦਾ ਲਾਲਚ ਦੇਣ ਲੱਗਾ। ਐੱਫਆਈਆਰ ਅਨੁਸਾਰ 2 ਦਸੰਬਰ 2025 ਨੂੰ ਘਰ ਵਿੱਚ ਹੋਰ ਪਰਿਵਾਰਕ ਮੈਂਬਰ ਨਾ ਹੋਣ ਦੌਰਾਨ ਮੁਲਜ਼ਮ ਨੇ ਕਥਿਤ ਤੌਰ ’ਤੇ ਉਸਨੂੰ ਜ਼ਬਰਦਸਤੀ ਕਮਰੇ ਵਿੱਚ ਲਿਜਾ ਕੇ ਜਬਰ-ਜਨਾਹ ਕੀਤਾ। ਪੀੜਤਾ ਦਾ ਦੋਸ਼ ਹੈ ਕਿ ਘਟਨਾ ਬਾਰੇ ਕਿਸੇ ਨੂੰ ਦੱਸਣ ’ਤੇ ਉਸਨੂੰ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਵੀ ਦਿੱਤੀ ਗਈ।


ਪੀੜਤਾ ਨੇ ਪੁਲਿਸ ਨੂੰ ਦੱਸਿਆ ਕਿ ਡਰ ਕਾਰਨ ਉਹ ਘਟਨਾ ਬਾਰੇ ਪਰਿਵਾਰ ਨੂੰ ਨਹੀਂ ਦੱਸ ਸਕੀ ਅਤੇ ਕੰਮ ’ਤੇ ਜਾਂਦੀ ਰਹੀ। ਦੋਸ਼ ਹੈ ਕਿ ਇਸ ਦੌਰਾਨ ਉਸਨੂੰ ਡਰਾ-ਧਮਕਾ ਕੇ ਕਈ ਵਾਰ ਜਬਰ-ਜਨਾਹ ਦਾ ਸ਼ਿਕਾਰ ਬਣਾਇਆ ਗਿਆ। ਜਨਵਰੀ 2026 ਵਿੱਚ ਮਾਹਵਾਰੀ ਨਾ ਆਉਣ ’ਤੇ ਉਸਨੂੰ ਗਰਭਵਤੀ ਹੋਣ ਦਾ ਸ਼ੱਕ ਹੋਇਆ।


ਔਰਤ ਨੂੰ ਬੁਲਾ ਕੇ ਗਰਭਪਾਤ ਕਰਵਾਉਣ ਦਾ ਦੋਸ਼


ਐੱਫਆਈਆਰ ਮੁਤਾਬਕ ਮਈ 2026 ਦੇ ਪਹਿਲੇ ਹਫ਼ਤੇ ਮੁਲਜ਼ਮ ਕਥਿਤ ਤੌਰ ’ਤੇ ਇੱਕ ਔਰਤ ਨੂੰ ਆਪਣੇ ਘਰ ਲੈ ਕੇ ਆਇਆ। ਪੀੜਤਾ ਦਾ ਦੋਸ਼ ਹੈ ਕਿ ਉਸਨੂੰ ਪਹਿਲਾਂ ਕੁਝ ਗੋਲੀਆਂ ਦਿੱਤੀਆਂ ਗਈਆਂ ਅਤੇ ਬਾਅਦ ਵਿੱਚ ਟੀਕਾ ਲਗਾਇਆ ਗਿਆ। ਇਸ ਤੋਂ ਬਾਅਦ ਉਸਦੇ ਪੇਟ ਵਿੱਚ ਤੇਜ਼ ਦਰਦ ਅਤੇ ਖੂਨ ਵਗਣਾ ਸ਼ੁਰੂ ਹੋ ਗਿਆ ਅਤੇ ਗਰਭਪਾਤ ਹੋ ਗਿਆ। ਪੀੜਤਾ ਨੇ ਇਹ ਵੀ ਦੋਸ਼ ਲਾਇਆ ਕਿ ਮੁਲਜ਼ਮ ਗਰਭਪਾਤ ਤੋਂ ਬਾਅਦ ਭਰੂਣ ਨੂੰ ਆਪਣੇ ਨਾਲ ਲੈ ਗਿਆ।


ਕੁਝ ਸਮੇਂ ਬਾਅਦ ਪੀੜਤਾ ਨੇ ਹਿੰਮਤ ਕਰਕੇ ਪਰਿਵਾਰ ਨੂੰ ਸਾਰੀ ਘਟਨਾ ਦੱਸੀ। ਸਿਹਤ ਖਰਾਬ ਹੋਣ ’ਤੇ ਉਸਨੂੰ 27 ਜੂਨ ਨੂੰ ਜੀਐੱਮਸੀਐੱਚ ਸੈਕਟਰ-32, ਚੰਡੀਗੜ੍ਹ ਵਿੱਚ ਦਾਖ਼ਲ ਕਰਵਾਇਆ ਗਿਆ। ਪੁਲਿਸ ਰਿਕਾਰਡ ਮੁਤਾਬਕ 28 ਜੂਨ ਨੂੰ ਹਸਪਤਾਲ ਤੋਂ ਲਾਲੜੂ ਪੁਲਿਸ ਨੂੰ ਸੂਚਨਾ ਮਿਲੀ। ਪੁਲਿਸ ਬਿਆਨ ਲੈਣ ਲਈ ਹਸਪਤਾਲ ਪਹੁੰਚੀ, ਪਰ ਡਾਕਟਰ ਨੇ ਉਸ ਸਮੇਂ ਪੀੜਤਾ ਨੂੰ ਬਿਆਨ ਦੇਣ ਲਈ ਅਨਫਿੱਟ ਦੱਸਿਆ।


1 ਜੁਲਾਈ ਨੂੰ ਦਰਜ ਹੋਇਆ ਮਾਮਲਾ


ਇਲਾਜ ਤੋਂ ਬਾਅਦ ਪੀੜਤਾ ਨੂੰ 30 ਜੂਨ ਨੂੰ ਹਸਪਤਾਲ ਤੋਂ ਛੁੱਟੀ ਮਿਲੀ। 1 ਜੁਲਾਈ ਨੂੰ ਮਹਿਲਾ ਪੁਲਿਸ ਮੁਲਾਜ਼ਮ ਦੀ ਮੌਜੂਦਗੀ ਵਿੱਚ ਪੀੜਤਾ ਦੇ ਬਿਆਨ ਦਰਜ ਕੀਤੇ ਗਏ। ਪੁਲਿਸ ਨੇ ਬਿਆਨਾਂ ਦੇ ਆਧਾਰ ’ਤੇ ਇੱਕ ਵਿਅਕਤੀ ਅਤੇ ਇੱਕ ਔਰਤ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ।


ਪੀੜਤ ਪੱਖ ਵੱਲੋਂ ਮੁਲਜ਼ਮਾਂ ਖ਼ਿਲਾਫ਼ ਜਲਦ ਕਾਰਵਾਈ ਅਤੇ ਪਰਿਵਾਰ ਨੂੰ ਸੁਰੱਖਿਆ ਦੇਣ ਦੀ ਮੰਗ ਕੀਤੀ ਜਾ ਰਹੀ ਹੈ। ਐੱਫਆਈਆਰ ਵਿੱਚ ਦਰਜ ਦੋਸ਼ਾਂ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

Comments