ਇਨਸਾਫ਼ ਨਾ ਮਿਲਣ ਤੋਂ ਦੁਖੀ ਤਿੰਨ ਲੜਕੀਆਂ ਐੱਸ.ਐੱਸ.ਪੀ. ਦਫ਼ਤਰ ਨੇੜੇ ਪਾਣੀ ਦੀ ਟੈਂਕੀ 'ਤੇ ਚੜ੍ਹੀਆਂ

ਜ਼ਿਲ੍ਹਾ ਬਰਨਾਲਾ ਵਿਖੇ ਐੱਸ.ਐੱਸ.ਪੀ. (SSP) ਦਫ਼ਤਰ ਦੇ ਨੇੜੇ ਉਸ ਸਮੇਂ ਸਥਿਤੀ ਤਣਾਅਪੂਰਨ ਹੋ ਗਈ, ਜਦੋਂ ਤਿੰਨ ਪੀੜਤ ਲੜਕੀਆਂ ਇਨਸਾਫ਼ ਦੀ ਮੰਗ ਨੂੰ ਲੈ ਕੇ ਪਾਣੀ ਵਾਲੀ ਟੈਂਕੀ 'ਤੇ ਚੜ੍ਹ ਗਈਆਂ।


ਲੜਕੀਆਂ ਨੇ ਤਿੰਨ ਨੌਜਵਾਨਾਂ 'ਤੇ ਜਬਰ-ਜ਼ਨਾਹ ਅਤੇ ਸਰੀਰਕ ਸ਼ੋਸ਼ਣ (ਸੈਕਸੁਅਲ ਹਰਾਸਮੈਂਟ) ਦੇ ਗੰਭੀਰ ਦੋਸ਼ ਲਗਾਏ ਹਨ।

ਲੜਕੀਆਂ ਦਾ ਕਹਿਣਾ ਹੈ ਕਿ ਜੇਕਰ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਤਾਂ ਉਹ ਪਾਣੀ ਦੀ ਟੈਂਕੀ ਤੋਂ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਣਗੀਆਂ 

ਐਸ ਐਚ ਓ ਨੇ ਕਿਹਾ ਕਿ ਤਿੰਨੋ ਲੜਕੀਆਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਅਤੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਕੇ ਜਲਦੀ ਉਹਨਾਂ ਤਿੰਨੋਂ ਲੜਕੀਆਂ ਨੂੰ ਪਾਣੀ ਦੀ ਟੈਂਕੀ ਤੋਂ ਹੇਠਾਂ ਉਤਾਰ ਲਿਆ ਜਾਵੇਗਾ। 



ਪੀੜਤ ਲੜਕੀਆਂ ਅਨੁਸਾਰ, ਇਸ ਸਬੰਧੀ ਉਨ੍ਹਾਂ ਵੱਲੋਂ ਪਹਿਲਾਂ ਡੀ.ਐੱਸ.ਪੀ. (DSP) ਅਤੇ ਐੱਸ.ਐੱਸ.ਪੀ. ਦਫ਼ਤਰ ਵਿੱਚ ਲਿਖਤੀ ਸ਼ਿਕਾਇਤਾਂ ਦਿੱਤੀਆਂ ਗਈਆਂ ਸਨ, ਪਰ ਪੁਲਿਸ ਵੱਲੋਂ ਦੋਸ਼ੀਆਂ ਖ਼ਿਲਾਫ਼ ਕੋਈ
ਫ਼ੋਰੀ ਕਾਰਵਾਈ ਨਹੀਂ ਕੀਤੀ ਗਈ। ਪੁਲਿਸ ਪ੍ਰਸ਼ਾਸਨ ਦੇ ਢਿੱਲੇ ਰਵੱਈਏ ਤੋਂ ਨਾਰਾਜ਼ ਹੋ ਕੇ ਉਨ੍ਹਾਂ ਨੂੰ ਇਹ ਕਦਮ ਚੁੱਕਣਾ ਪਿਆ।
ਟੈਂਕੀ 'ਤੇ ਚੜ੍ਹੀਆਂ ਲੜਕੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜਦੋਂ ਤੱਕ ਦੋਸ਼ੀਆਂ ਖ਼ਿਲਾਫ਼ ਠੋਸ ਕਾਰਵਾਈ ਨਹੀਂ ਹੁੰਦੀ ਅਤੇ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲਦਾ, ਉਹ ਹੇਠਾਂ ਨਹੀਂ ਉਤਰਨਗੀਆਂ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਉਨ੍ਹਾਂ ਦੀ ਸੁਣਵਾਈ ਨਾ ਹੋਈ ਤਾਂ ਉਹ ਖੁਦਕੁਸ਼ੀ ਵਰਗਾ ਖ਼ਤਰਨਾਕ ਕਦਮ ਚੁੱਕਣ ਲਈ ਮਜ਼ਬੂਰ ਹੋਣਗੀਆਂ।



ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਿਟੀ-2 ਦੀ ਪੁਲਿਸ ਸਮੇਤ ਉੱਚ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਪੁਲਿਸ ਪ੍ਰਸ਼ਾਸਨ ਵੱਲੋਂ ਲੜਕੀਆਂ ਨੂੰ ਸਮਝਾ ਕੇ ਸੁਰੱਖਿਅਤ ਹੇਠਾਂ ਉਤਾਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Comments